ਪਾਠ 5 ਪੰਜਾਬ ਖੇਡ ਜਗਤ ਦੀਆਂ ਪ੍ਰਮੁੱਖ ਹਸਤੀਆਂ (ਜਮਾਤ 9 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )
ਪਾਠ 5 ਪੰਜਾਬ ਖੇਡ ਜਗਤ ਦੀਆਂ ਪ੍ਰਮੁੱਖ ਹਸਤੀਆਂ
(Prominent Sports Personalities Of Punjab)
(ਅਭਿਆਸੀ ਪ੍ਰਸ਼ਨ ਦੇ ਉੱਤਰ)
ਵਸਤੂਨਿਸ਼ਠ ਪ੍ਰਸ਼ਨ
1. ਬਲਬੀਰ ਸਿੰਘ ਸੀਨੀਅਰ ਦੀ ਖੇਡ.................ਸੀ।
ਉੱਤਰ: ਹਾਕੀ
2 . ਬਲਬੀਰ ਸਿੰਘ ਦਾ ਉਲੰਪਿਕ ਖੇਡਾਂ ਵਿੱਚ ਕਿਹੜਾ ਤਮਗਾ ਸੀ?
ਉੱਤਰ: ਸੋਨੇ ਦਾ ਤਮਗਾ
3 . ਕੌਰ ਸਿੰਘ ਨੇ ਕਿਹੜੇ ਮਹਾਨ ਮੁੱਕੇਬਾਜ਼ ਨਾਲ ਪ੍ਰਦਰਸ਼ਨੀ ਮੁਕਾਬਲਾ ਕੀਤਾ ਸੀ?
ਉੱਤਰ: ਮੋਹੰਮਦ ਅਲੀ
4. ਮਿਲਖਾ ਸਿੰਘ ਦਾ ਨਾਂ ਫਲਾਇੰਗ ਸਿੱਖ ਨਾਂ ਭਾਰਤ ਦੇਸ ਵਿੱਚ ਪਿਆ। (ਸਹੀ/ਗ਼ਲਤ)
ਉੱਤਰ: ਗ਼ਲਤ
5 . ਕੌਰ ਸਿੰਘ ਦੀ ਖੇਡ ਦਾ ਨਾਂ ਦੱਸੋ।
ਓ ਐਥਲੈਟਿਕਸ (ਅ) ਜਿਮਨਾਸਟਿਕ
(ਸ) ਫੁਟਬਾਲ (ੲ) ਮੁੱਕੇਬਾਜ਼ੀ
ਉੱਤਰ: (ੲ) ਮੁੱਕੇਬਾਜ਼ੀ
ਛੋਟੇ ਉੱਤਰਾਂ ਵਾਲੇ ਪ੍ਰਸ਼ਨ
6 . ਬਲਬੀਰ ਸਿੰਘ ਸੀਨੀਅਰ ਦੇ ਮੁੱਢਲੇ ਜੀਵਨ ਬਾਰੇ ਨੋਟ ਲਿਖੋ।
ਉੱਤਰ: ਬਲਬੀਰ ਸਿੰਘ ਦਾ ਮੁਢਲਾ ਜੀਵਨ ਅਤੇ ਪੜ੍ਹਾਈ:-ਬਲਵੀਰ ਸਿੰਘ ਦਾ ਜਨਮ ਉਸ ਦੇ ਨਾਨਕੇ ਪਿੰਡ ਹਰੀਪੁਰ ਖਾਲਸਾ (ਫਿਲੌਰ) ਵਿੱਚ 10 ਅਕਤੂਬਰ 1924 ਈ: ਨੂੰ ਹੋਇਆ।ਉਸਦੇ ਪਿਤਾ ਸ.ਦਲੀਪ ਸਿੰਘ ਅਤੇ ਮਾਤਾ ਸ਼੍ਰੀਮਤੀ ਕਰਮ ਕੌਰ ਸਨ। ਉਸ ਦੇ ਪਿਤਾ, ਜੋ ਕਿ ਇੱਕ ਸੁਤੰਤਰਤਾ ਸੰਗਰਾਮੀ, ਮੋਗਾ ਵਿਖੇ ਅਧਿਆਪਕ ਸਨ। ਇਸ ਲਈ ਉਸ ਨੇ ਆਪਣੀ ਮੁਢਲੀ ਸਿੱਖਿਆ ਦੇਵ ਸਮਾਜ ਸਕੂਲ (ਮੋਗਾ) ਤੋਂ ਪ੍ਰਾਪਤ ਕੀਤੀ ਅਤੇ ਸਕੂਲ ਦੀ ਹਾਕੀ ਟੀਮ ਵਿੱਚ ਖੇਡਣਾ ਸ਼ੁਰੂ ਕੀਤਾ।ਉਸ ਨੇ ਉਚੇਰੀ ਵਿੱਦਿਆ ਡੀ.ਐਮ.ਕਾਲਜ ਮੋਗਾ, ਸਿੱਖ ਨੈਸ਼ਨਲ ਕਾਲਜ ਲਾਹੌਰ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਖਾਲਸਾ ਕਾਲਜ ਵਿਖੇ ਪੜ੍ਹਾਈ ਕਰਦੇ ਸਮੇਂ ਉਸ ਨੇ ਹਾਕੀ ਦੀ ਸਿਖਲਾਈ ਕੋਚ ਸ. ਹਰਬੈਲ ਸਿੰਘ ਤੋਂ ਪ੍ਰਾਪਤ ਕੀਤੀ।
7. ਪਦਮਸ਼੍ਰੀ ਕੌਰ ਸਿੰਘ ਦੀਆਂ ਖੇਡ ਪ੍ਰਾਪਤੀਆਂ ਬਾਰੇ ਲਿਖੋ।
ਉੱਤਰ: ਕੌਰ ਸਿੰਘ ਨੇ ਪਹਿਲੀ ਵਾਰ 25ਵੀਂ ਸੀਨੀਅਰ ਨੈਸ਼ਨਲ ਮੁੱਕੇਬਾਜ਼ੀ ਚੈਂਪੀਅਨਸ਼ਿੱਪ ਜੋ ਕਿ 1979 ਵਿੱਚ ਹੋਈ ਦੀ ਹੈਵੀਵੇਟ ਕੈਟਾਗਰੀ ਵਿੱਚ ਜਿੱਤ ਪ੍ਰਾਪਤ ਕਰਕੇ ਸੋਨ ਤਮਗਾ ਹਾਸਲ ਕੀਤਾ। ਨੌਵੀਆਂ ਏਸ਼ੀਅਨ ਐਮੇਚਿਉਰ ਮੁਕੇਬਾਜ਼ੀ ਚੈਂਪੀਅਨਸ਼ਿੱਪ 1980 ਈ:ਵਿੱਚ ਮੁੰਬਈ ਵਿਖੇ ਸੋਨ ਤਮਗਾ ਜਿੱਤਿਆ।1980 ਈ: ਦੇ ਕਿੰਗਜ ਕੱਪ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਥਾਈਲੈਂਡ ਵਿਖੇ ਚਾਂਦੀ ਦਾ ਤਮਗ਼ਾ ਜਿੱਤਿਆ।
1982 ਈ: ਵਿੱਚ ਕਿੰਗਜ਼ ਕੱਪ ਮੁਕੇਬਾਜ਼ੀ ਟੂਰਨਾਮੈਂਟ ਵਿੱਚ ਥਾਈਲੈਂਡ ਵਿੱਚ ਸੋਨ ਤਮਗਾ ਜਿੱਤਿਆ।
1982 ਈ: ਵਿੱਚ ਦਸਵੀਆਂ ਏਸ਼ੀਅਨ ਐਮਚਿਉਰ ਮੁਕੇਬਾਜ਼ੀ ਚੈਂਪੀਅਨਸ਼ਿੱਪ ਸਿਉਲ ਵਿਖੇ ਸੋਨ ਤਮਗ਼ਾ ਜਿੱਤਿਆ।
1982 ਈ: ਦੀਆਂ ਏਸ਼ਿਆਈ ਖੇਡਾਂ ਵਿੱਚ ਨਵੀਂ ਦਿੱਲੀ ਵਿਖੇ ਮੁੱਕੇਬਾਜ਼ੀ ਦੇ ਹੈਵੀਵੇਟ ਕੈਟਾਗਰੀ ਵਿੱਚ ਸੋਨ ਤਮਗ਼ਾ
ਜਿੱਤਿਆ।
1983 ਈ : ਵਿੱਚ ਦਸਵੀਆਂ ਏਸ਼ੀਅਨ ਐਮਚਿਊਰ ਮੁਕੇਬਾਜ਼ੀ ਚੈਂਪੀਅਨਸ਼ਿੱਪ ਜਪਾਨ ਵਿਖੇ ਸੋਨ ਤਮਗਾ ਜਿੱਤਿਆ।
ਇਸ ਤਰ੍ਹਾਂ ਕੌਰ ਸਿੰਘ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ ਕੁੱਲ 6 ਮੈਡਲ ਜਿੱਤੇ।
8 . ਮਿਲਖਾ ਸਿੰਘ ਦੇ ਮੁੱਢਲੇ ਜੀਵਨ ਬਾਰੇ ਲਿਖੋ।
ਉੱਤਰ: ਮਿਲਖਾ ਸਿੰਘ ਦਾ ਜਨਮ 20 ਨਵੰਬਰ 1935 ਵਿੱਚ ਪਿਤਾ ਸੰਪੂਰਨ ਸਿੰਘ ਦੇ ਘਰ ਮਾਤਾ ਵਧਾਵੀ ਕੌਰ ਦੀ ਕੁੱਖੋਂ ਗੋਬਿੰਦਪੁਰਾ (ਅੱਜ ਕੱਲ੍ਹ ਪਾਕਿਸਤਾਨ) ਵਿਖੇ ਹੋਇਆ। ਉਸ ਦਾ ਮੁਢਲਾ ਜੀਵਨ ਕਾਫ਼ੀ ਸ਼ੰਘਰਸ਼ਮਈ ਰਿਹਾ। ਭਾਰਤ-ਪਾਕਿਸਤਾਨ ਦੀ ਵੰਡ ਸਮੇਂ ਮਿਲਖਾ ਸਿੰਘ ਅੱਠਵੀਂ ਸ਼੍ਰੇਣੀ ਵਿੱਚ ਪੜ੍ਹਦਾ ਸੀ। ਮਿਲਖਾ ਸਿੰਘ ਆਪਣੇ ਪਿੰਡ ਗੋਬਿੰਦਪੁਰਾ ਤੋਂ 6-7 ਮੀਲ ਦੀ ਦੂਰੀ 'ਤੇ ਕੋਟ ਅੱਦੂ ਵਿਖੇ ਪੈਦਲ ਪੜ੍ਹਨ ਜਾਇਆ ਕਰਦਾ ਸੀ।ਉਹ ਜੇਠ-ਹ -ਹਾੜ੍ਹ ਦੇ ਮਹੀਨੇ ਨੰਗੇ ਪੈਰੀਂ ਤੁਰ ਕੇ ਪੈਂਡਾ ਤਹਿ ਕਰਦਾ ਸੀ। ਜੇਠ-ਹਾੜ੍ਹ ਦੇ ਮਹੀਨੇ ਦੀ ਤਪਦੀ ਦੁਪਹਿਰ ਪੈਰਾਂ ਨੂੰ ਸਾੜ ਕੇ ਰੱਖ ਦਿੰਦੀ ਸੀ ਕਈ ਵਾਰ ਰੇਤਲੇ ਰਾਹਾਂ ਦਾ ਤਪਦਾ ਰੇਤਾ ਪੈਰਾਂ ਵਿੱਚ ਛਾਲੇ ਵੀ ਪਾ ਦਿੰਦਾ ਸੀ। ਦੇਸ ਦੀ ਵੰਢ ਵੇਲੇ ਹੋਏ ਕਤਲੇਆਮ ਵਿੱਚ ਉਸ ਦੇ ਵੱਡੇ ਭਰਾ ਅਤੇ ਭੈਣ ਨੂੰ ਛੱਡ ਕੇ ਬਾਕੀ ਪਰਿਵਾਰ ਦਾ ਕਤਲ ਹੋ ਗਿਆ ਪਰ ਮਿਲਖਾ ਸਿੰਘ ਉੱਥੋਂ ਭੱਜ ਕੇ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਹੋ ਗਿਆ। ਰੇਲ ਗੱਡੀ ਵਿੱਚ ਲੁਕਦਾ-ਲੁਕਾਉਂਦਾ ਫਿਰੋਜ਼ਪੁਰ ਆਪਣੀ ਭੈਣ ਦੇ ਘਰ ਪਹੁੰਚ ਗਿਆ। ਕੁਝ ਸਮਾਂ ਉਸ ਨੇ ਆਪਣੀ ਭੈਣ ਦੇ ਘਰ ਬਿਤਾਇਆ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
9. ਬਲਬੀਰ ਸਿੰਘ ਦੇ ਖੇਡ ਕਰੀਅਰ ਬਾਰੇ ਵਿਸਥਾਰ ਨਾਲ ਲਿਖੋ।
ਉੱਤਰ: ਬਲਬੀਰ ਸਿੰਘ ਦਾ ਖੇਡ ਕਰੀਅਰ:-ਬਲਬੀਰ ਸਿੰਘ 1945 ਈ.ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਿਆ।ਪੰਜਾਬ ਪੁਲਿਸ ਵਿੱਚ ਉਸ ਨੇ ਲਗਭਗ 16 ਸਾਲ ਨੌਕਰੀ ਕੀਤੀ। ਪੁਲਿਸ ਦੀ ਨੌਕਰੀ ਦੌਰਾਨ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੈਚ ਖੇਡੇ। ਬਲਬੀਰ ਸਿੰਘ 1947 ਈ: ਵਿੱਚ ਪਹਿਲੀ ਵਾਰ ਭਾਰਤੀ ਟੀਮ ਦਾ ਮੈਂਬਰ ਬਣ ਕੇ ਸ੍ਰੀਲੰਕਾ ਵਿਖੇ ਖੇਡਣ ਗਿਆ।ਉਸ ਦੀ ਸਾਲਾਂ ਬੱਧੀ ਕੀਤੀ ਮਿਹਨਤ ਉਸ ਸਮੇਂ ਰੰਗ ਲਿਆਈ ਜਦੋਂ 1948 ਈ: ਵਿੱਚ ਲੰਡਨ ਉਲੰਪਿਕ ਖੇਡਾਂ ਲਈ ਭਾਰਤੀ ਟੀਮ ਵਿੱਚ ਉਸ ਦੀ ਚੋਣ ਹੋਈ। ਬਲਵੀਰ ਸਿੰਘ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਹੀ ਭਾਰਤ ਇਹਨਾਂ ਉਲੰਪਿਕ ਖੇਡਾਂ ਵਿੱਚ ਗੋਲਡ ਮੈਡਲ ਹਾਸਲ ਕਰਨ ਵਿਚ ਕਾਮਯਾਬ ਹੋਇਆ ਉਹ ਉਲੰਪਿਕ ਖੇਡਾਂ ਦਾ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਸੀ। 1952 ਈ: ਦੀਆਂ ਹੈਲਸਿੰਕੀ' ਉਲੰਪਿਕ ਖੇਡਾਂ ਲਈ ਉਹ ਭਾਰਤੀ ਟੀਮ ਵਿੱਚ ਦੂਜੀ ਵਾਰ ਚੁਣਿਆ ਗਿਆ।ਉਹ ਭਾਰਤੀ ਖੇਡ ਦਲ ਦੇ ਝੰਡਾ ਬਰਦਾਰ ਸੀ। ਇਹਨਾਂ ਉਲੰਪਿਕ ਖੇਡਾਂ 'ਚ ਉਸ ਨੂੰ ਉੱਪ-ਕਪਤਾਨ ਬਣਾਇਆ ਗਿਆ। ਫ਼ਾਈਨਲ ਵਿੱਚ 5 ਗੋਲ ਕਰਨ ਦਾ ਰਿਕਾਰਡ ਹਾਲੇ ਵੀ ਉਨ੍ਹਾਂ ਦੇ ਨਾਂ 'ਤੇ ਦਰਜ ਹੈ ਅਤੇ ਇਹ ਰਿਕਾਰਡ ਓਲੰਪਿਕ ਖੇਡਾਂ ਦਾ ਸਭ ਤੋਂ ਪੁਰਾਣਾ ਰਿਕਾਰਡ ਹੈ ਜੋ ਹਾਲੇ ਤੱਕ ਨਹੀਂ ਟੁੱਟਿਆ। ਇਸ ਤੋਂ ਇਲਾਵਾ ‘ਗਿੰਨਜ਼ ਬੁੱਕ ਆਫ਼ ਵਰਲਡ ਰਿਕਾਰਡ' ਵਿੱਚ ਵੀ ਰਿਕਾਰਡ ਦਰਜ ਹੈ। ਹੈਲਸਿੰਕੀ' ਉਲੰਪਿਕ ਖੇਡਾਂ ਵਿੱਚ ਭਾਰਤ ਨੇ ਕੁੱਲ 13 ਗੋਲ ਕੀਤੇ ਜਿਨ੍ਹਾਂ ਵਿੱਚੋਂ 9 ਗੋਲ ਇਕੱਲੇ ਬਲਬੀਰ ਸਿੰਘ ਦੇ ਕਰਨ ਕਰਕੇ ‘ਰਿਕਾਰਡ’ ਕਾਇਮ ਹੋਇਆ ਜੋ ਕਿ ਅਜੇ ਤੱਕ ਵੀ ਕਾਇਮ ਹੈ।
ਬਲਬੀਰ ਸਿੰਘ ਨੂੰ 1956 ਈ: ਵਿੱਚ ਮੈਲਬੋਰਨ (ਆਸਟਰੇਲੀਆ) ਉਲੰਪਿਕ ਖੇਡਾਂ ਲਈ ਭਾਰਤੀ ਟੀਮ ਦਾ ਕਪਤਾਨ ਬਣਾ ਕੇ ਭੇਜਿਆ ਗਿਆ। ਇਸ ਵਾਰ ਵੀ ਉਹ ਉਲੰਪਿਕ ਖੇਡਾਂ 'ਚ ਝੰਡਾਬਰਦਾਰ ਸੀ। ਇੱਥੇ ਉਸ ਨੇ ਸ਼ੁਰੂਆਤ ਦੇ ਮੈਚ ਵਿੱਚ ਅਫ਼ਗਾਨਿਸਤਾਨ ਦੇ ਖ਼ਿਲਾਫ਼ 5 ਗੋਲ ਕੀਤੇ ਇਹਨਾਂ ਖੇਡਾਂ ਵਿੱਚ ਇੱਕ ਮੈਚ ਦੇ ਦੌਰਾਨ ਉਸਦੀ ਉਂਗਲੀ ਦੀ ਹੱਡੀ ਟੁੱਟ ਗਈ। ਇਸ ਗੱਲ ਦਾ ਵਿਰੋਧੀ ਟੀਮਾਂ ਨੂੰ ਪਤਾ ਨਾ ਲੱਗੇ ਇਸ ਲਈ ਟੀਮ ਦੀ ਮਨੈਜਮੈਂਟ ਨੇ ਬਲਬੀਰ ਸਿੰਘ ਨੂੰ ਇਸ ਸੱਟ ਦਾ ਲਕੋਅ ਰੱਖਣ ਲਈ ਕਿਹਾ ਤਾਂ ਜੋ ਵਿਰੋਧੀ ਟੀਮਾਂ ਨੂੰ ਖਿਡਾਰੀ ਦਾ ਖੌਫ਼ ਬਣਿਆ ਰਹੇ। ਇਸ ਟੂਰਨਾਮੈਂਟ ਵਿੱਚ ਸੈਮੀਫ਼ਾਈਨਲ ਅਤੇ ਫ਼ਾਈਨਲ ਮੈਚ ਬਲਬੀਰ ਸਿੰਘ ਤੋਂ ਬਗ਼ੈਰ ਜਿੱਤਣੇ ਅਸੰਭਵ ਲੱਗ ਰਹੇ ਸਨ। ਇਹਨਾਂ ਹਲਾਤਾਂ ਵਿੱਚ ਇਸ ਮਹਾਨ ਖਿਡਾਰੀ ਨੇ ਆਪਣੀ ਉਂਗਲੀ ਦੀ ਸੱਟ ਅਤੇ ਦਰਦ ਦੀ ਪ੍ਰਵਾਹ ਨਾ ਕਰਦਿਆਂ ਇਹ ਮੈਚ ਖੇਡੇ।ਇਹਨਾਂ ਉਲੰਪਿਕ ਖੇਡਾਂ ਵਿੱਚ ਭਾਰਤ ਦਾ ਫ਼ਾਈਨਲ ਮੁਕਾਬਲਾ ਪਾਕਿਸਤਾਨ ਨਾਲ ਖੇਡਿਆ ਗਿਆ।ਇਸ ਮੁਕਾਬਲੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ 1-0 ਦੇ ਫ਼ਰਕ ਨਾਲ ਹਰਾ ਕੇ ਸੋਨ ਤਮਗ਼ਾ ਜਿੱਤਿਆ।ਇਸ ਤੋਂ ਇਲਾਵਾ ਬਲਬੀਰ ਸਿੰਘ ਨੇ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਤਮਗੇ ਜਿੱਤੇ। ਭਾਰਤੀ ਟੀਮ ਨੇ ਬਲਬੀਰ ਸਿੰਘ ਦੀ ਕਪਤਾਨੀ ਹੇਠ 1956 ਦੀਆਂ ਉਲੰਪਿਕ ਖੇਡਾਂ ਵਿੱਚ 38 ਗੋਲ ਕੀਤੇ ਅਤੇ ਇੱਕ ਵੀ ਗੋਲ ਆਪਣੀ ਟੀਮ ਵੱਲ ਨਹੀਂ ਹੋਣ ਦਿੱਤਾ ਜਿਸ ਦਾ ਰਿਕਾਰਡ ਅੱਜ ਤੱਕ ਬਰਕਰਾਰ ਹੈ।
10. ਕੌਰ ਸਿੰਘ ਦੀਆਂ ਖੇਡ ਪ੍ਰਾਪਤੀਆਂ ਅਤੇ ਮਿਲੇ ਸਨਮਾਨਾਂ ਦੀ ਜਾਣਕਾਰੀ ਦਿਓ।
ਉੱਤਰ: ਕੌਰ ਸਿੰਘ ਦੀਆਂ ਖੇਡਾਂ ਵਿੱਚ ਪ੍ਰਾਪਤੀਆਂ:-
1. ਕੌਰ ਸਿੰਘ ਨੇ ਪਹਿਲੀ ਵਾਰ 25ਵੀਂ ਸੀਨੀਅਰ ਨੈਸ਼ਨਲ ਮੁੱਕੇਬਾਜ਼ੀ ਚੈਂਪੀਅਨਸ਼ਿੱਪ ਜੋ ਕਿ 1979 ਵਿੱਚ ਹੋਈ ਦੀ ਹੈਵੀਵੇਟ ਕੈਟਾਗਰੀ ਵਿੱਚ ਜਿੱਤ ਪ੍ਰਾਪਤ ਕਰਕੇ ਸੋਨ ਤਮਗਾ ਹਾਸਲ ਕੀਤਾ।
2. ਨੌਵੀਆਂ ਏਸ਼ੀਅਨ ਐਮੇਚਿਉਰ ਮੁਕੇਬਾਜ਼ੀ ਚੈਂਪੀਅਨਸ਼ਿੱਪ 1980 ਈ:ਵਿੱਚ ਮੁੰਬਈ ਵਿਖੇ ਸੋਨ ਤਮਗ਼ਾ ਜਿੱਤਿਆ।
3. 1980 ਈ: ਦੇ ਕਿੰਗਜ ਕੱਪ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਥਾਈਲੈਂਡ ਵਿਖੇ ਚਾਂਦੀ ਦਾ ਤਮਗ਼ਾ ਜਿੱਤਿਆ।
4. 1982 ਈ: ਵਿੱਚ ਕਿੰਗਜ਼ ਕੱਪ ਮੁਕੇਬਾਜ਼ੀ ਟੂਰਨਾਮੈਂਟ ਵਿੱਚ ਥਾਈਲੈਂਡ ਵਿੱਚ ਸੋਨ ਤਮਗ਼ਾ ਜਿੱਤਿਆ।
5. 1982 ਈ: ਵਿੱਚ ਦਸਵੀਆਂ ਏਸ਼ੀਅਨ ਐਮਚਿਉਰ ਮੁਕੇਬਾਜ਼ੀ ਚੈਂਪੀਅਨਸ਼ਿੱਪ ਸਿਉਲ ਵਿਖੇ ਸੋਨ ਤਮਗ਼ਾ ਜਿੱਤਿਆ।
6. 1982 ਈ: ਦੀਆਂ ਏਸ਼ਿਆਈ ਖੇਡਾਂ ਵਿੱਚ ਨਵੀਂ ਦਿੱਲੀ ਵਿਖੇ ਮੁੱਕੇਬਾਜ਼ੀ ਦੇ ਹੈਵੀਵੇਟ ਕੈਟਾਗਰੀ ਵਿੱਚ ਸੋਨ ਤਮਗ਼ਾ ਜਿੱਤਿਆ।
7. 1983 ਈ : ਵਿੱਚ ਦਸਵੀਆਂ ਏਸ਼ੀਅਨ ਐਮਚਿਉਰ ਮੁਕੇਬਾਜ਼ੀ ਚੈਂਪੀਅਨਸ਼ਿੱਪ ਜਪਾਨ ਵਿਖੇ ਸੋਨ ਤਮਗਾ ਜਿੱਤਿਆ।
ਕੌਰ ਸਿੰਘ ਦੀ ਸਖ਼ਤ ਮਿਹਨਤ ਉਸ ਸਮੇਂ ਰੰਗ ਲਿਆਈ ਜਦੋਂ ਉਸ ਦੀ ਚੋਣ 1984 ਈ: ਵਿੱਚ ਉਲੰਪਿਕ ਖੇਡਾਂ ਲਾਸ- ਏਂਜ਼ਲਸ (ਅਮਰੀਕਾ) ਲਈ ਭਾਰਤੀ ਮੁਕੇਬਾਜ਼ੀ ਟੀਮ ਲਈ ਹੈਵੀਵੇਟ ਕੈਟਾਗਰੀ ਵਿੱਚ ਚੋਣ ਹੋਈ। ਇਸ ਤਰ੍ਹਾਂ ਕੌਰ ਸਿੰਘ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ ਕੁੱਲ 6 ਮੈਡਲ ਜਿੱਤੇ।
ਕੌਰ ਸਿੰਘ ਨੂੰ ਮਿਲੇ ਸਨਮਾਨ:-
ਕੌਰ ਸਿੰਘ ਨੇ ਆਪਣੇ ਖੇਡ ਕਰੀਅਰ ਵਿੱਚ ਜਿਵੇਂ-ਜਿਵੇਂ ਉਪਲੱਬਧੀਆ ਹਾਸਲ ਕੀਤੀਆਂ ਤਿਵੇਂ-ਤਿਵੇਂ ਉਸ ਨੂੰ ਮਾਣ-ਸਨਮਾਨ ਮਿਲਦੇ ਗਏ ਜੋ ਹੇਠ ਲਿਖੇ ਅਨੁਸਾਰ ਹਨ:-
1) 1971 ਈ: ਵਿੱਚ ਭਾਰਤੀ ਆਰਮੀ ਵੱਲੋਂ ਉਸਨੂੰ ‘ਸੈਨਾ ਸੇਵਾ’ ਮੈਡਲ ਦਿੱਤਾ ਗਿਆ।
2) 1971 ਈ: ਵਿੱਚ ਭਾਰਤੀ ਆਰਮੀ ਵੱਲੋਂ Wast Star ਐਵਾਰਡ ਦੇ ਕੇ ਉਸਦਾ ਮਾਣ ਵਧਾਇਆ ਗਿਆ।
3) 1971 ਈ: ਵਿੱਚ ਭਾਰਤੀ ਆਰਮੀ ਵੱਲੋਂ ‘ਸੰਗਰਾਮ ਮੈਡਲ' ਦੇ ਕੇ ਉਸ ਨੂੰ ਮਾਣ ਬਖਸ਼ਿਆ।
4) 1982 ਈ: ਵਿੱਚ ਭਾਰਤ ਸਰਕਾਰ ਨੇ ਉਸਨੇ ਅਰਜੁਨਾ ਐਵਾਰਡ ਦੇ ਕੇ ਸਨਮਾਨਿਤ ਕੀਤਾ।
5) 1983 ਈ: ਵਿੱਚ ਭਾਰਤ ਸਰਕਾਰ ਨੇ ਕੌਰ ਸਿੰਘ ਨੂੰ ਸਰਵ-ਉੱਚ ਸਨਮਾਨ ਪਦਮਸ਼੍ਰੀ ਐਵਾਰਡ ਦੇ ਕੇ ਨਿਵਾਜ਼ਿਆ।
6) 1988 ਈ: ਵਿੱਚ ਭਾਰਤੀ ਆਰਮੀ ਵੱਲੋਂ ਵਿਸ਼ਿਸ਼ਟ ਸੇਵਾ ਮੈਡਲ (V.S.M.) ਦੇ ਕੇ ਉਸ ਨੂੰ ਸਨਮਾਨਿਤ ਕੀਤਾ ਗਿਆ।
7) ਸ. ਕੌਰ ਸਿੰਘ ਦੀਆਂ ਖੇਡ ਪ੍ਰਾਪਤੀਆਂ ਅਤੇ ਸ਼ੰਘਰਸ ਮਈ ਜੀਵਨ ’ਤੇ ‘ਪਦਮ ਸ਼ੀ ਕੌਰ ਸਿੰਘ' ਨਾਂ ਦੀ ਪੰਜਾਬੀ ਫ਼ਿਲਮ ਵੀ ਬਣੀ।


.png)
Comments
Post a Comment