ਪਾਠ 7 ਸਕਾਊਟਿੰਗ ਅਤੇ ਗਾਈਡਿੰਗ (ਜਮਾਤ 7 ਸਿਹਤ ਅਤੇ ਸਰੀਰਕ ਸਿੱਖਿਆ) Punjabi Medium (ਛੋਟੇ ਉੱਤਰ )
ਪਾਠ 7 ਸਕਾਊਟਿੰਗ ਅਤੇ ਗਾਈਡਿੰਗ
(ਅਭਿਆਸੀ ਪ੍ਰਸ਼ਨ ਦੇ ਉੱਤਰ)
ਪ੍ਰਸ਼ਨ 1. ਸਕਾਊਟਿੰਗ ਤੇ ਗਾਈਡਿੰਗ ਦੇ ਕੀ ਲਾਭ ਹਨ ? ਵਿਸਥਾਰ ਨਾਲ ਲਿਖੋ |
ਉੱਤਰ- ਸਕਾਊਟਿੰਗ ਤੇ ਗਾਈਡਿੰਗ ਲਹਿਰ ਦਾ ਮੁੱਖ ਮੰਤਵ ਸੰਸਾਰ ਦੇ ਬੱਚਿਆਂ ਨੂੰ ਹਰ ਪੱਖੋਂ ਉੱਚਾ ਚੁੱਕਣਾ ਹੁੰਦਾ ਹੈ। ਸਕਾਊਟਿੰਗ ਤੇ ਗਾਈਡਿੰਗ ਦੇ ਹੇਠ ਲਿਖੇ ਲਾਭ ਹਨ—
1. ਭਰਾਤਰੀ ਭਾਵ ਪੈਦਾ ਕਰਦੀ ਹੈ।
2. ਈਰਖਾ ਤੇ ਸਾੜਾ ਖਤਮ ਹੁੰਦਾ ਹੈ।
3. ਧਰਮ ਦੇ ਵਿਤਕਰੇ ਨੂੰ ਖਤਮ ਕਰਦਾ ਹੈ।
4. ਮਨੁੱਖ ਵਿੱਚ ਪੂਰਨ ਪਵਿੱਤਰਤਾ ਲਿਆਉਂਦਾ ਹੈ।
5. ਜਾਤਪਾਤ ਤੇ ਉਚ-ਨੀਚ ਦਾ ਭੇਦ-ਭਾਵ ਮਿਟ ਜਾਂਦਾ ਹੈ।
6. ਅਨੁਸ਼ਾਸ਼ਨ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਆਗਿਆਕਾਰੀ ਹੁੰਦਾ ਹੈ। 7. ਸੰਜਮੀ ਬਣਦਾ ਹੈ।
7. ਮਿਠ ਬੋਲਦਾ ਹੁੰਦਾ ਹੈ।
ਪ੍ਰਸ਼ਨ 2. ਸਕਾਊਟਿੰਗ ਤੇ ਗਾਈਡਿੰਗ ਦੇ ਪ੍ਰਣ (Promise) ਸਾਨੂੰ ਕੀ ਸਿੱਖਿਆ ਦਿੰਦੇ ਹਨ?
ਉੱਤਰ— ਇਸ ਪ੍ਰਣ ਵਿੱਚ ਵੱਧ ਤੋਂ ਵੱਧ ਸਕਾਊਟ ਨੂੰ ਆਦਰਸ਼ਵਾਦੀ ਬਣਨ ਵਿੱਚ ਅਤੇ ਤਰੱਕੀ ਕਰਨ ਲਈ ਪੇ੍ਰਰਦੇ ਹਨ। ਇਹ ਪ੍ਰਣ ਸਕਾਊਟ ਨੂੰ ਉੱਚਾ ਅਤੇ ਸੁੱਚਾ ਬਣਨ ਵਿੱਚ ਸਹਾਈ ਹੁੰਦੇ ਹਨ। ਪਰਮਾਤਮਾ ਸੰਬੰਧੀ ਫ਼ਰਜ਼ ਤੋਂ ਭਾਵ ਹੈ ਕਿ ਸਕਾਊਟ ਹਰ ਕੰਮ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਸਮਝ ਕੇ ਕਰੇ ਅਤੇ ਦੂਜਿਆਂ ਦੀ ਸਹਾਇਤਾ ਕਰਨਾ ਆਪਣਾ ਵੱਡਾ ਫ਼ਰਜ਼ ਸਮਝੇ। ਇਸ ਲਈ “ਸਕਾਊਟ ਨਿਯਮਾਂ ਦੀ ਪਾਲਣਾ” ਸਕਾਊਟ ਨੂੰ ਸਦਾ ਸੱਚਾ-ਸੁੱਚਾ, ਮਿੱਠ ਬੋਲੜਾ, ਬਚਨ ਪਾਲਕ, ਵਫ਼ਾਦਾਰ ਅਤੇ ਸੰਜਮੀ ਬਣਾਉਂਦੇ ਹਨ।
ਪ੍ਰਸ਼ਨ 3 . ਸਕਾਊਟਿੰਗ ਨਿਯਮਾਂ ਦੀ ਵਿਸਥਾਰਪੂਰਵਕ ਵਿਆਖਿਆ ਕਰੋ?
ਉੱਤਰ- ਨਿਯਮਾਂ ਦੇ ਬਿਨਾਂ ਕੋਈ ਸੰਸਥਾ ਜਾਂ ਸੰਗਠਨ ਨਹੀਂ ਚਲ ਸਕਦਾ । ਇਹ ਸੰਸਾਰ ਵੀ ਨਿਯਮਾਂ 'ਤੇ ਹੀ ਨਿਰਭਰ ਹੈ ! ਸਕਾਊਟਿੰਗ ਦੇ ਵੀ ਆਪਣੇ ਹੀ ਨਿਯਮ ਹਨ । ਇਹ ਬੜੇ ਸਰਲ ਅਤੇ ਸਾਧਾਰਨ ਨਿਯਮ ਹਨ ਇਹ ਨਿਯਮ ਇਸ ਪ੍ਰਕਾਰ ਹਨ—
1. ਸਕਾਊਟ ਦੀ ਆਨ ਭਰੋਸੇਯੋਗ ਹੁੰਦੀ ਹੈ। ਸਕਾਊਟ ਸਦਾ ਸੱਚ ਬੋਲਦਾ ਹੈ। ਉਹ ਚੰਗੇ ਕੰਮ ਕਰ ਕੇ ਲੋਕਾਂ ਵਿੱਚ ਵਿਸਵਾਸ ਪੈਦਾ ਕਰਦਾ ਹੈ। ਆਪਣੀ ਆਨ ਨੂੰ ਨਿਰਮਲ ਰੱਖਦਾ ਹੈ ਅਤੇ ਸਤਿਕਾਰ ਪ੍ਰਾਪਤ ਕਰਦਾ ਹੈ।
2. ਸਕਾਊਟ ਵਫ਼ਾਦਾਰ ਹੁੰਦਾ ਹੈ। ਉਹ ਆਪਣੇ ਸਾਥੀਆਂ, ਦੋਸਤਾਂ, ਅਧੀਨ ਕਰਮਚਾਰੀਆਂ ਦਾ ਹਿੱਤਕਾਰੀ ਹੁੰਦਾ ਹੈ ਅਤੇ ਲਾਲਚ ਤੋਂ ਦੂਰ ਰਹਿੰਦਾ ਹੈ।
3. ਸਕਾਊਟ ਦਾ ਫ਼ਰਜ਼ ਹੈ ਕਿ ਉਹ ਪਰਮਾਤਮਾ ਨੂੰ ਸਤਿਕਾਰੇ, ਦੇਸ਼ ਦੀ ਸੇਵਾ ਅਤੇ ਦੂਜਿਆਂ ਦੀ ਸਹਾਇਤਾ ਕਰੇ।
ਸਕਾਊਟ ਪਰਮਾਤਮਾ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਮੰਨਦਾ ਹੈ।ਉਸ ਤੇ ਵਿਸ਼ਵਾਸ ਰੱਖਦਾ ਹੈ ਅਤੇ ਆਪਣੇ ਮਨ ਨੂੰ ਸ਼ੁੱਧ ਕਰਦਾ ਹੈ। ਹਰ ਸਕਾਊਟ ਆਪਣੇ ਦੇਸ਼ ਦਾ ਵਫ਼ਾਦਾਰ ਹੁੰਦਾ ਹੈ।ਵਿਧਾਨ ਦੀ ਪੂਰੀ ਪਾਲਣਾ ਕਰਦਾ ਹੈ ਅਤੇ ਦੇਸ਼ ਦੀ ਸ਼ਾਨ ਦੇ ਵਿਰੁੱਧ ਕੋਈ ਵੀ ਸ਼ਬਦ ਸੁਣਨ ਲਈ ਤਿਆਰ ਨਹੀਂ ਹੁੰਦਾ। ਸਕਾਊਟ ਦੂਜਿਆਂ ਦੀ ਦਿਲੋਂ ਸਹਾਇਤਾ ਕਰਦਾ ਹੈ। ਹਰ ਰੋਜ਼ ਘੱਟ ਤੋਂ ਘੱਟ ਇੱਕ ਨੇਕੀ ਦਾ ਕੰਮ (Good Turn) ਜ਼ਰੂਰ ਕਰਦਾ ਹੈ।
4. ਸਕਾਊਟ ਸਾਰਿਆਂ ਦਾ ਮਿੱਤਰ ਅਤੇ ਹਰ ਦੂਜੇ ਸਕਾਊਟ ਦਾ ਭਰਾ ਹੁੰਦਾ ਹੈ। ਭਾਵੇਂ ਉਹ ਕਿਸੇ ਵੀ ਦੇਸ, ਜਾਤ ਅਤੇ ਧਰਮ ਦਾ ਹੋਵੇ। ਸਕਾਊਟਿੰਗ ਵਿੱਚ ਜਾਤ-ਪਾਤ, ਊਚ-ਨੀਚ, ਧਰਮ ਦਾ ਖ਼ਿਆਲ ਨਹੀਂ ਹੁੰਦਾ।
5. ਸਕਾਊਟ ਮਿੱਠ ਬੋਲੜਾ ਹੁੰਦਾ ਹੈ।” ਸਕਾਊਟ ਹਰ ਵਿਅਕਤੀ ਨਾਲ ਬੜੇ ਪਿਆਰ ਨਾਲ ਵਰਤਾਉ ਕਰਦਾ ਹੈ। ਮਿੱਠੀ ਬੋਲੀ ਨਾਲ ਦੂਜਿਆਂ ਦਾ ਦਿਲ ਜਿੱਤ ਲੈਂਦਾ ਹੈ। ਬੱਚਿਆਂ, ਬਜ਼ੁਰਗਾਂ ਤੇ ਇਸਤਰੀਆਂ ਨਾਲ ਇਸ ਦਾ ਵਰਤਾਉ ਹੋਰ ਵੀ ਪ੍ਰਸ਼ੰਸਾਯੋਗ ਹੁੰਦਾ ਹੈ। "ਸਕਾਊਟ ਜੀਵ- ਜੰਤੂਆਂ ਦਾ ਮਿੱਤਰ ਹੁੰਦਾ ਹੈ।”
6. "ਸਕਾਊਟ ਅਨੁਸ਼ਾਸਨ ਵਿੱਚ ਰਹਿੰਦਾ ਹੈ ਅਤੇ ਆਗਿਆਕਾਰੀ ਹੁੰਦਾ ਹੈ।" ਸਕਾਊਟ ਸਦਾ ਹੀ ਹੁਕਮਾਂ ਤੇ ਨਿਯਮਾਂ ਦੀ ਪਾਲਣਾ ਕਰਨ ਲਈ ਤਿਆਰ ਰਹਿੰਦਾ ਹੈ। ਉਹ ਆਪਣੀ ਮਨਮਾਨੀ ਨਹੀਂ ਕਰਦਾ। ਆਪਣੇ ਮਾਪਿਆਂ, ਪੈਟਰੋਲ ਲੀਡਰਾਂ ਤੇ ਸਕਾਊਟ ਮਾਸਟਰਾਂ ਦਾ ਹੁਕਮ ਖਿੜੇ ਮੱਥੇ ਸਵੀਕਾਰ ਕਰਦਾ ਹੈ ਅਤੇ ਉਸ ਦੀ ਪਾਲਣਾ ਕਰਨ ਵਿੱਚ ਕੋਈ ਕਸਰ ਨਹੀਂ ਛੱਡਦਾ।
7. ਸਕਾਊਟ ਬਹਾਦਰ ਹੁੰਦਾ ਹੈ ਅਤੇ ਔਕੜ ਵੇਲੇ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਉਹ ਦੁੱਖ ਤੇ ਔਖੇ ਸਮੇਂ ਘਬਰਾਉਂਦਾ ਨਹੀਂ। ਹਰ ਮੁਸ਼ਕਲ ਦਾ ਹੱਸਦਿਆਂ ਹੀ ਮੁਕਾਬਲਾ ਕਰਦਾ ਹੈ।ਕਠਨਾਈਆਂ ਨੂੰ ਦੇਖ ਕੇ ਨਾ ਉਹ ਕੋਈ ਗਿਲਾ ਕਰਦਾ ਹੈ ਅਤੇ ਨਾ ਹੀ ਗੁੱਸੇ ਵਿੱਚ ਬੜਬੜਾਉਂਦਾ ਹੈ। ਉਸ ਦਾ ਦਿਲ ਸ਼ਾਂਤ ਰਹਿੰਦਾ ਹੈ।
8. “ਸਕਾਊਟ ਸੰਜਮੀ ਹੁੰਦਾ ਹੈ। ਉਹ ਆਪਣੀਆਂ ਉੱਚਿਤ ਲੋੜਾਂ ਦੀ ਪੂਰਤੀ ਵਿੱਚ ਸੰਜਮ ਕਰਦਾ ਹੈ। ਸਕਾਊਟਿੰਗ ਵਿੱਚ ਬਹੁਤ ਸਾਰੀਆਂ ਵਸਤੂਆਂ ਉਹ ਕੁਦਰਤੀ ਸਾਧਨਾਂ ਤੋਂ ਹੀ ਪ੍ਰਾਪਤ ਕਰ ਲੈਂਦਾ ਹੈ।ਉਹ ਸਮੇਂ ਨੂੰ ਅਜਾਈ ਨਹੀਂ ਗਵਾਉਂਦਾ ਸਗੋਂ ਉਸ ਦੀ ਵਰਤੋਂ ਵੱਧ ਤੋਂ ਵੱਧ ਚੰਗੇ ਕੰਮਾਂ ਵਿੱਚ ਕਰਦਾ ਹੈ।
9. "ਸਕਾਊਟ ਮਨ, ਬਚਨ ਅਤੇ ਕਰਮ ਤੋਂ ਸ਼ੁੱਧ ਹੁੰਦਾ ਹੈ।" ਸਕਾਊਟ ਮਨ ਦਾ ਪਵਿੱਤਰ, ਬਚਨ ਦਾ ਪੱਕਾ ਅਤੇ ਕਰਮ ਦਾ ਸ਼ੁੱਧ ਹੁੰਦਾ ਹੈ। ਉਹ ਕਦੀ ਵੀ ਮਾੜਾ ਕੰਮ ਨਹੀਂ ਕਰਦਾ। ਕਿਸੇ ਨੂੰ ਮੰਦਾ ਨਹੀਂ ਬੋਲਦਾ। ਕਿਸੇ ਦੀ ਚੁਗਲੀ-ਨਿੰਦਿਆ ਨਹੀਂ ਕਰਦਾ।
ਪ੍ਰਸ਼ਨ 4. ਸਕਾਊਟਿੰਗ ਵਿੱਚ ਸਕਾਊਟ ਦੀ ਕੀ ਮਹਾਨਤਾ ਹੈ ? ਵਰਨਣ ਕਰੋ।
ਉੱਤਰ—1. ਸਕਾਊਟਿੰਗ ਜਨ-ਸਨੇਹੀ ਲਹਿਰ ਹੋਣ ਕਰਕੇ ਬੱਚਿਆਂ ਨੂੰ ਸੰਨ, ਤਕੜੇ ਵਫ਼ਾਦਾਰ, ਦੇਸ਼ ਭਗਤ, ਆਗਿਆਕਾਰ ਅਤੇ ਜਨ ਸਹਾਇਕ ਬਣਾਉਂਦੀ ਹੈ।
2. ਉਹਨਾਂ ਵਿੱਚ ਨਫ਼ਰਤ, ਜਾਤ-ਪਾਤ, ਊਚ-ਨੀਚ, ਪ੍ਰਾਂਤਕ ਤੇ ਕੌਮੀ ਸਾੜੇ ਕੱਢਦੀ ਹੈ ਅਤੇ ਉਹਨਾਂ ਨੂੰ ਚੰਗੇ ਨਾਗਰਿਕ ਬਣਾਉਂਦੀ ਹੈ।
3. ਉਹਨਾਂ ਵਿੱਚ ਭਰਾਤਰੀ ਭਾਵ ਭਰਦੀ ਹੈ ਅਤੇ ਉਹਨਾਂ ਨੂੰ “ਨਾ ਕੋਈ ਵੈਰੀ ਨਾ ਹੀ ਬਿਗਾਨਾ" ਦਾ ਉਦੇਸ਼ ਦਿੰਦੀ ਹੈ।
4. ਸਕਾਊਟ ਰੈਲੀਆਂ, ਇਕੱਠ, ਅੰਤਰ-ਰਾਸ਼ਟਰੀ ਜੰਬੂਰੀਆਂ ਨਾਲ ਸਕਾਊਟਸ ਵਿੱਚ ਮਿੱਤਰਤਾ ਪੈਦਾ ਕਰਦੀ ਹੈ ਅਤੇ ਇਸ ਤਰ੍ਹਾਂ ਅੰਤਰ- ਰਾਸ਼ਟਰੀ ਸਬੰਧ ਚੰਗੇ ਤੇ ਮਜ਼ਬੂਤ ਹੁੰਦੇ ਹਨ।
5. ਸੰਸਾਰ ਵਿੱਚ ਸ਼ਾਂਤੀ ਰਹਿੰਦੀ ਅਤੇ ਲੜਾਈਆਂ ਘੱਟ ਜਾਂਦੀਆਂ ਹਨ।
6. ਇਸ ਲਹਿਰ ਨਾਲ ਬੱਚੇ ਪਰਉਪਕਾਰੀ, ਸੇਵਕ, ਸਹਾਇਕ ਅਤੇ ਦਾਨੀ ਬਣ ਜਾਂਦੇ ਹਨ।
7. ਬੱਚੇ (ਸਕਾਊਟਸ) ਮੇਲਿਆਂ, ਇਕੱਠਾਂ ਆਦਿ ਵਿੱਚ ਸੇਵਾ ਕਰਦੇ ਹਨ।
8. ਭੁੱਲਿਆਂ ਨੂੰ ਰਾਹ ਪਾਉਂਦੇ ਹਨ ਅਤੇ ਲੋੜਵੰਦਾਂ ਨੂੰ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਸਹਾਈ ਹੁੰਦੇ ਹਨ।
9. ਕਸ਼ਟ ਵੇਲੇ ਹੜ੍ਹਾਂ, ਭੂਚਾਲਾਂ, ਹਨੇਰੀਆਂ, ਝੱਖੜਾਂ ਅਤੇ ਬਿਮਾਰੀਆਂ ਨਾਲ ਤਬਾਹ ਹੋਏ ਗਰੀਬਾਂ ਤੇ ਅਨਾਥਾਂ ਦੀ ਹਰ ਤਰ੍ਹਾਂ ਮਦਦ ਕਰਦੇ ਹਨ।
10. ਉਹ ਲੜਾਈ ਵਿੱਚ ਫੱਟੜਾਂ ਤੇ ਰੋਗੀਆਂ ਦੀ ਹਰ ਵੇਲੇ ਸੇਵਾ ਕਰਨ ਲਈ ਤਿਆਰ ਰਹਿੰਦੇ ਹਨ।
11. ਉਹਨਾਂ ਵਿੱਚ ਆਪਣੇ ਤੋਂ ਵੱਡਿਆਂ ਲਈ ਹੀ ਨਹੀਂ ਸਗੋਂ ਛੋਟਿਆਂ ਲਈ ਵੀ ਵਫ਼ਾਦਾਰੀ ਭਰ ਜਾਂਦੀ ਹੈ।
12. ਸਕਾਊਟਿੰਗ ਨਾਲ ਦੇਸ਼ ਪ੍ਰਤੀ ਪਿਆਰ ਤੇ ਸਤਿਕਰ ਵੱਧ ਜਾਂਦਾ ਹੈ।
13. ਹੱਥੀਂ ਕੰਮ ਕਰਨ ਦਾ ਗੁਣ ਪੈਦਾ ਹੁੰਦਾ ਹੈ ਅਤੇ ਬਹੁਤ ਹੱਦ ਤੱਕ ਸਕਾਊਟਿੰਗ ਸਿਖਲਾਈ ਕਿੱਤਿਆਂ ਵਿੱਚ ਰੁਚੀ ਪੈਦਾ ਕਰਦੀ ਹੈ। ਇਸ ਤਰ੍ਹਾਂ ਬੱਚੇ ਆਉਣ ਵਾਲੇ ਜੀਵਨ ਵਿੱਚ ਸਫਲ ਹੋ ਜਾਂਦੇ ਹਨ।
14. ਸਕਾਊਟਿੰਗ ਰਾਹੀਂ ਸਿੱਖਿਆ ਨਾਲ ਬੱਚਿਆਂ ਨੂੰ ਔਕੜਾਂ, ਮੁਸ਼ਕਲਾਂ ਅਤੇ ਰੁਝੇਵਿਆਂ ਵਿੱਚੋਂ ਸਫਲ ਹੋ ਕੇ ਨਿਕਲਣ ਦਾ ਢੰਗ ਆਉਂਦਾ ਹੈ ਅਤੇ ਉਹ ਇਹਨਾਂ ਦਾ ਮੁਕਾਬਲਾ ਬਿਨਾਂ ਕਿਸੇ ਹੀਣ-ਭਾਵ ਤੋਂ ਕਰਦੇ ਹਨ।
15. ਸਕਾਊਟਿੰਗ, ਬੱਚਿਆਂ ਨੂੰ ਇੱਕ ਚਾਨਣ ਮੁਨਾਰੇ ਦਾ ਕੰਮ ਕਰਦੀ ਹੈ ਅਤੇ ਬਚਪਨ ਤੋਂ ਹੀ ਉਹਨਾਂ ਨੂੰ ਚੰਗੀਆਂ ਲੀਹਾਂ ਤੇ ਪਾਉਂਦੀ ਹੈ।
16. ਇਸ ਸਿੱਖਿਆ ਨਾਲ ਅਨੁਸ਼ਾਸਨ ਆਪਣੇ ਆਪ ਹੀ ਆਉਂਦਾ ਹੈ।
17. ਨਿਰੀਖਣ ਤੇ ਆਤਮ ਨਿਰਭਰਤਾ ਦੀ ਭਾਵਨਾ ਤੇ ਚੰਗੇ ਸ਼ਹਰੀ ਦੇ ਗੁਣ ਪੈਦਾ ਹੁੰਦੇ ਹਨ |
18. ਗੱਲ ਇੱਥੇ ਮੁੱਕਦੀ ਹੈ ਕਿ 'ਸਕਾਊਟਿੰਗ' ਬੱਚਿਆਂ ਦਾ ਬਹੁ-ਮੁੱਖੀ ਵਿਕਾਸ ਕਰਦੀ ਹੈ। ਜਿਸ ਨਾਲ ਉਹਨਾਂ ਦਾ ਸਰਬ-ਪੱਖੀ ਸਰੀਰਕ, ਮਾਨਸਿਕ, ਭਾਵਨਾਤਮਿਕ ਅਤੇ ਧਾਰਮਿਕ ਵਿਕਾਸ ਹੁੰਦਾ ਹੈ।
ਪ੍ਰਸ਼ਨ 5 . ਸਕਾਊਟਿੰਗ ਸਿੱਖਿਆ ਨਾਲ ਬੱਚੇ ਦਾ ਸਰਵਪੱਖੀ ਵਿਕਾਸ ਹੁੰਦਾ ਹੈ ਆਪਣੇ ਵਿਚਾਰ ਦਿਉ ?
ਉੱਤਰ- ਸਕਾਊਟਿੰਗ ਸਿੱਖਿਆ ਨਾਲ ਬੱਚੇ ਦਾ ਸਰਵ-ਪੱਖੀ ਵਿਕਾਸ ਹੁੰਦਾ ਹੈ— ਸਕਾਊਟਿੰਗ ਸਿੱਖਿਆ ਨਾਲ ਬੱਚੇ ਦਾ ਸਰਵ-ਪੱਖੀ ਵਿਕਾਸ ਹੁੰਦਾ ਹੈ। ਇਸ ਨਾਲ ਆਪਸੀ ਪ੍ਰੇਮ-ਭਾਵ ਵੱਧਦਾ ਹੈ ਅਤੇ ਈਰਖਾ ਖਤਮ ਹੋ ਜਾਂਦੀ ਹੈ। ਉਸ ਵਿੱਚ ਪੂਰੀ ਤਰ੍ਹਾਂ ਪਵਿੱਤਰਤਾ ਦੀ ਭਾਵਨਾ ਪੈਦਾ ਹੁੰਦੀ ਹੈ। ਉਹ ਦੁੱਖ ਸਮੇਂ ਪੀੜਤ ਵਿਅਕਤੀਆਂ, ਗਰੀਬਾਂ ਤੇ ਅਨਾਥਾਂ ਦੀ ਸੇਵਾ ਕਰਦਾ ਹੈ।ਉਹ ਬਹਾਦਰ, ਸੁਆਮੀ ਭਗਤ, ਵਫ਼ਾਦਾਰ ਤੇ ਦੇਸ਼ ਭਗਤ ਬਣ ਜਾਂਦਾ ਹੈ। ਉਸ ਵਿੱਚ ਅਨੁਸ਼ਾਸਨ ਦੀ ਪਾਲਣਾ ਕਰਨ ਦੀ ਭਾਵਨਾ ਉਤਪੰਨ ਹੁੰਦੀ ਹੈ। ਸਕਾਊਟ ਆਪਣੇ ਵੱਡਿਆਂ ਦਾ ਮਾਣ ਕਰਦਾ ਹੈ ਤੇ ਛੋਟਿਆਂ ਨਾਲ ਪਿਆਰ ਕਰਦਾ ਹੈ। ਸਕਾਊਟ ਸਿੱਖਿਆ ਨਾਲ ਬੱਚੇ ਨੂੰ ਮੁਸੀਬਤਾਂ ਅਤੇ ਕੁਦਰਤੀ ਆਫ਼ਤਾਂ ਦਾ ਮੁਕਾਬਲਾ ਕਰਨ ਦੀ ਜਾਂਚ ਆਉਂਦੀ ਹੈ।
ਪ੍ਰਸ਼ਨ 6 . ਸਕਾਊਟ ਦਾ ਆਦਰਸ਼ (Motto) "ਤਿਆਰ" ਹੈ? ਸਪੱਸ਼ਟ ਕਰੋ।
ਉੱਤਰ-ਸਕਾਊਟਸ ਆਦਰਸ਼ (Scout Motto)—ਸਕਾਊਟਸ ਦਾ ਆਦਰਸ਼ (Motto) "ਤਿਆਰ ਹੈ। ਉਹ ਹਰ ਸਮੇਂ ਤਿਆਰ-ਬਰ-ਤਿਆਰ ਰਹਿੰਦਾ ਹੈ।ਉਹ ਕਿਸੇ ਨਾ ਕਿਸੇ ਕੰਮ ਵਿੱਚ ਰੁੱਝਿਆ ਰਹਿੰਦਾ ਹੈ। ਵੱਡਿਆਂ ਦੇ ਹੁਕਮ ਤੇ ਆਪਣੇ ਫ਼ਰਜ਼ਾਂ ਦੀ ਪੂਰਤੀ ਲਈ ਸਮੇਂ ਤੇ ਸਥਾਨ ਦੀ ਪਰਵਾਹ ਨਹੀਂ ਕਰਦਾ। ਨੇਕੀ ਦਾ ਕੰਮ ਉਸ ਦਾ ਮੁੱਖ ਉਦੇਸ਼ ਹੈ। ਇਸ ਨੂੰ ਕਰਨ ਲਈ ਕਦੇ ਵੀ ਦੇਰੀ ਨਹੀਂ ਕਰਦਾ। ਮੇਲਿਆਂ ਜਾਂ ਇਕੱਠਾਂ ਵਿੱਚ ਭੁੱਲੇ ਭਟਕਿਆਂ ਨੂੰ ਰਾਹੇ ਪਾਉਣ ਵਿੱਚ ਢਿੱਲ ਨਹੀਂ ਵਰਤਦਾ।ਆਪਣੇ ਗਿਆਨ ਨੂੰ ਵੀ ਵਧਾਉਣ ਵਿੱਚ ਵੀ ਤਿਆਰ ਰਹਿੰਦਾ ਹੈ। ਚੀਫ਼ ਸਕਾਊਟ "ਲਾਰਡ ਬੇਡਨ ਪਾਵਲ" ਕਦੇ ਵੀ ਵਿਹਲੇ ਨਹੀਂ ਬੈਠਦੇ ਸਨ। ਉਸ ਸਫ਼ਰ ਵਿੱਚ ਹੁੰਦੇ ਜਾਂ ਲੜਾਈ ਵਿੱਚ ਕੋਈ ਨਾ ਕੋਈ ਨਵੀਂ ਸਕੀਮ ਸੋਚਦੇ ਹੀ ਰਹਿੰਦੇ ਸਨ। ਉਹ ਹਰ ਮੁਸਕਲ ਨੂੰ ਹੱਲ ਕਰਨ ਲਈ ਤਿਆਰ-ਬਰ-ਤਿਆਰ ਰਹਿੰਦੇ ਸਨ। ਸਕਾਊਟ ਵੀ ਉਹਨਾਂ ਦੇ ਜੀਵਨ ਤੋਂ ਪ੍ਰੇਰਿਤ ਹੁੰਦਾ ਹੈ ਤੇ ਆਪਣੇ ਆਪ ਨੂੰ ਹਰ ਵੇਲੇ ਹਰ ਤਰ੍ਹਾਂ ਦਾ ਕੰਮ ਕਰਨ ਲਈ ਤਿਆਰ ਰੱਖਦਾ ਹੈ।
ਪ੍ਰਸ਼ਨ 7 . "ਸਕਾਊਟ ਇੱਕ ਚੰਗਾ ਨਾਗਰਿਕ ਹੁੰਦਾ ਹੈ"? ਵਿਆਖਿਆ ਕਰੋ।
ਉੱਤਰ—ਸਕਾਊਟ ਇੱਕ ਚੰਗਾ ਨਾਗਰਿਕ ਹੁੰਦਾ ਹੈ। ਉਹ ਰੋਜ਼ਾਨਾ ਘੱਟ ਤੋਂ ਘੱਟ ਇੱਕ ਨੇਕੀ ਦਾ ਕੰਮ ਜ਼ਰੂਰ ਕਰਦਾ ਹੈ, ਇਹ ਉਸ ਦਾ ਆਦਰਸ਼ ਹੈ। ਉਸ ਅੰਦਰ ਨਾ ਤਾਂ ਜਾਤ-ਪਾਤ ਅਤੇ ਊਚ-ਨੀਚ ਦਾ ਵਿਤਕਰਾ ਹੁੰਦਾ ਹੈ, ਨਾ ਹੀ ਰੰਗ ਤੇ ਨਸਲ ਦਾ। ਉਹ ਸਦਾ ਅਨੁਸ਼ਾਸਨ ਵਿੱਚ ਰਹਿੰਦਾ ਹੈ ਅਤੇ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਦਾ ਹੈ। ਉਹ ਹਰੇਕ ਵਿਅਕਤੀ ਨਾਲ ਬੜੇ ਪਿਆਰ ਨਾਲ ਰਹਿੰਦਾ ਹੈ ਅਤੇ ਭਾਈਚਾਰੇ ਨਾਲ ਪੇਸ਼ ਆਉਂਦਾ ਹੈ। ਸਕਾਊਟ ਇਕੱਠੇ ਹੀ ਭੋਜਨ ਪਕਾਉਂਦੇ ਹਨ ਤੇ ਛਕਦੇ ਹਨ। ਇੱਕ ਦੂਜੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਤੇ ਸੁਗਾਤਾਂ ਆਦਿ ਲੈਂਦੇ-ਦਿੰਦੇ ਹਨ। ਇਸ ਤਰ੍ਹਾਂ ਉਨ੍ਹਾਂ ਵਿੱਚ ਮੁੱਢ ਤੋਂ ਹੀ ਵਿਸ਼ਵ ਭਾਈਚਾਰੇ ਦੀ ਭਾਵਨਾ ਪੈਦਾ ਹੁੰਦੀ ਹੈ।
ਉਹ ਹਰੇਕ ਵਿਅਕਤੀ ਨਾਲ ਬੜੇ ਪ੍ਰੇਮ ਦਾ ਵਿਹਾਰ ਕਰਦਾ ਹੈ। ਮਿੱਠੀ ਬੋਲੀ ਹਿਰਦੇ ਜਿੱਤ ਲੈਂਦੀ ਹੈ। ਬੱਚਿਆਂ, ਬੁੱਢਿਆਂ ਤੇ ਇਸਤਰੀਆਂ ਨਾਲ ਇਸ ਦਾ ਵਿਹਾਰ ਹੋਰ ਵੀ ਪ੍ਰਸੰਸਾਯੋਗ ਹੁੰਦਾ ਹੈ। ਉਹ ਹਰ ਗੱਲ ਵਿੱਚ ਸਦਾ ਹੀ ਸੰਜਮੀ ਹੁੰਦਾ ਹੈ।ਉਹ ਆਪਣੀਆਂ ਉੱਚਿਤ ਲੋੜਾਂ ਦੀ ਪੂਰਤੀ ਵਿੱਚ ਸੰਜਮ ਕਰਦਾ ਹੈ। ਉਹ ਸਮੇਂ ਨੂੰ ਵੀ ਅਜਾਈਂ ਨਹੀਂ ਗੁਆਉਂਦਾ ਅਤੇ ਉਸਦੀ ਵਰਤੋਂ ਵੱਧ ਤੋਂ ਵੱਧ ਚੰਗੇ ਕੰਮਾਂ ਵਿੱ ਕਰਦਾ ਹੈ।
Comments
Post a Comment